ਸਰਦਾਰ ਪਟੇਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sardar Patel ਸਰਦਾਰ ਪਟੇਲ: ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਪਟੇਲ ਦਾ ਜਨਮ 31 ਅਕਤੂਬਰ,1875 ਨੂੰ ਹੋਇਆ ਅਤੇ 15 ਦਸੰਬਰ ਨੂੰ ਉਹ ਇਸ ਸੰਸਾਰ ਨੂੰ ਤਿਆਗ ਗਏ। ਉਨ੍ਹਾਂ ਦਾ ਜਨਮ ਗੁਜਰਾਤ ਦੇ ਇਕ ਛੋਟੇ ਜਿਹੇ ਪਿੰਡ ਨਦਿਆਦ ਵਿਚ ਹੋਇਆ ਉਨ੍ਹਾਂ ਦੇ ਪਿਤਾ ਝੁਵੇਰ ਪਾਈ ਇਕ ਕਿਸਾਨ ਸਨ ਅਤੇ ਉਨ੍ਹਾਂ ਦੀ ਮਾਤਾ ਲਾਡ ਬਾਈ ਘਰੇਲੂ ਇਸਤਰੀ ਸੀ । ਸਰਦਾਰ ਪਟੇਲ ਨੇ ਆਪਣੀ ਆਰੰਭਿਕ ਸਿੱਖਿਆ ਕਰਮਸਦ ਵਿਚ ਪ੍ਰਾਪਤ ਕੀਤੀ ਫਿਰ ਉਨ੍ਹਾਂ ਨੇ ਪੇਟਲਾਤ ਅਤੇ ਨਦਿਆਦ ਵਿਚ ਸਕੂਲ ਦੀ ਸਿੱਖਿਆ ਪ੍ਰਾਪਤ ਕੀਤੀ। 1896 ਵਿਚ ਉਨ੍ਹਾਂ ਨੇ ਹਾਈ ਸਕੂਲ ਦੀ ਪਰੀਖਿਆ ਪਾਸ ਕੀਤੀ।

  ਵਲਭ-ਭਾਈ ਬੈਰਿਸਟਰ ਬਣਨਾ ਚਾਹੁੰਦੇ ਸਨ। ਆਪਣੀ ਇੱਛਾ ਦੀ ਪੂਰਤੀ ਲਈ ਉਹਨਾ ਨੂੰ ਇੰਗਲੈਂਡ ਜਾਣਾ ਪੈਂਦਾ ਸੀ। ਪਰੰਤੂ ਉਨ੍ਹਾਂ ਪਾਸ ਭਾਰਤ ਵਿਚ ਕਾਲਜ ਵਿਚ ਪ੍ਰਵੇਸ਼ ਲੈਣ ਲਈ ਵੀ ਵਿੱਤੀ ਸਾਧਨ ਨਹੀਂ ਸਨ। ਸਰਦਾਰ ਪਟੇਲ ਨੇ ਆਪਣੇ ਜਾਣ ਪਛਾਣ ਦੇ ਵਕੀਲ ਪਾਸੋਂ ਕਿਤਾਬਾਂ ਉਧਾਰ ਲੈ ਕੇ ਪ੍ਰਾਈਵੇਟ ਤੌਰ ਤੇ ਕਾਨੂੰਨ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਪਰੀਖਿਆ ਦੇ ਕੇ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ।

  ਸਰਦਾਰ ਵਲਭ-ਭਾਈ ਪਟੇਲ ਨੇ ਸ਼ੋਧਮ ਵਿਖੇ ਵਕਾਲਤ ਸ਼ੁਰੂ ਕੀਤੀ। ਛੇਤੀ ਹੀ ਉਨ੍ਹਾਂ ਦੀ ਵਕਾਲਤ ਚਲ ਨਿਕਲੀ। ਉਨ੍ਹਾਂ ਦਾ ਝਬੇਰਬਾ ਨਾਲ ਵਿਆਹ ਹੋਇਆ। ਵਲਭ-ਭਾਈ ਕੇਵਲ ਵੀਹ ਸਾਲ ਦੇ ਹੀ ਸਨ ਜਦੋਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ। ਉਹ ਦੋਬਾਰਾ ਵਿਆਹ ਕਰਾਉਣ ਦੇ ਇਛੁੱਕ ਨਹੀਂ ਸਨ। ਉਹ ਫਿਰ ਇੰਗਲੈਂਡ ਚਲੇ ਗਏ ਅਤੇ ਉਥੋਂ ਬੈਰਿਸਟਰ ਐਂਡ ਲਾਅ ਦੀ ਪਰੀਖਿਆ ਪਾਸ ਕਰਕੇ ਵਾਪਸ ਆਏ। ਉਨ੍ਹਾਂ ਨੇ ਵਾਪਸ ਆ ਕੇ ਅਹਿਮਦਾਬਾਦ ਵਿਚ ਵਕਾਲਤ ਕਰਨੀ ਸ਼ੁਰੂ ਕੀਤੀ। ਛੇਤੀ ਹੀ ਉਹ ਪ੍ਰਸਿਧ ਵਕੀਲ ਬਣ ਗਏ। ਮਿੱਤਰਾਂ ਦੇ ਜ਼ੋਰ ਦੇਣ ਤੇ ਉਨ੍ਹਾਂ ਨੇ ਚੋਣ ਲੜੀ ਅਤੇ 1917 ਵਿਚ ਅਹਿਮਦਾਬਾਦ ਦੇ ਸੈਨੀਟੇਸ਼ਨ ਕਮਿਸ਼ਨਰ ਬਣ ਗਏ। 1918 ਵਿਚ ਸਰਦਾਰ ਪਟੇਲ ਗਾਂਧੀ ਜੀ ਦੇ ਚੰਪਾਰਨ ਸਤਿਆ ਗ੍ਰਹਿ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਗੁਜਰਾਤ ਦੇ ਖੇੜਾ ਡਵੀਜ਼ਨ ਵਿਚ ਸੋਕੇ ਦੀ ਸਥਿਤੀ ਸੀ। ਕਿਸਾਨਾਂ ਨੇ ਉਚੇਰੇ ਟੈਕਸਾਂ ਤੋਂ ਰਿਆਇਤ ਦੀ ਮੰਗ ਕੀਤੀ ਪਰੰਤੂ ਬਰਤਾਨਵੀਆਂ ਨੇ ਇਹ ਰਿਆਇਤ ਦੇਣ ਤੋਂ ਨਾ ਕਰ ਦਿੱਤੀ। ਗਾਂਧੀ ਜੀ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿਚ ਲਿਆ, ਪਰੰਤੂ ਉਹ ਖੇੜਾਂ ਲਈ ਉਹ ਆਪਣਾ ਪੂਰਾ ਸਮਾਂ ਨਾ ਦੇ ਸਕੇ। ਉਹ ਕਿਸੇ ਅਜਿਹੇ ਆਦਮੀ ਦੀ ਤਲਾਸ਼ ਵਿਚ ਸਨ ਜੋ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਸੰਘਰਸ਼ ਦੀ ਅਗਵਾਈ ਕਰ ਸਕੇ। ਇਸ ਮੌਕੇ ਤੇ ਸਰਦਾਰ ਪਟੇਲ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਨ੍ਹਾਂ ਆਪਣੀ ਵਕਾਲਤ ਛੱਡ ਦਿਤੀ ਅਤੇ ਲੋਕ ਜੀਵਨ ਵਿਚ ਪ੍ਰਵੇਸ਼ ਕੀਤਾ।

  ਵਲਭ-ਭਾਈ ਨੇ ਖੇੜਾ ਵਿਖੇ ਕਿਸਾਨਾਂ ਦੀ ਕ੍ਰਾਂਤੀ ਦੀ ਸਫਲਤਾ ਪੂਰਵਕ ਅਗਵਾਈ ਕੀਤੀ ਅਤੇ ਇਹ ਕ੍ਰਾਂਤੀ 1919 ਵਿਚ ਖ਼ਤਮ ਹੋਈ ਜਦੋਂ ਬਰਤਾਨਵੀ ਸਰਦਾਰ ਮਾਲੀਏ ਦੀ ਉਗਰਾਹੀ ਨੂੰ ਮੁਲਤਵੀ ਕਰਨ ਲਈ ਰਜ਼ਾਮੰਦ ਹੋ ਗਏ। ਖੇੜਾ ਦੇ ਸਤਿਆ ਗ੍ਰਹਿ ਨੇ ਵਲਭ-ਭਾਈ ਪਟੇਲ ਨੂੰ ਰਾਸ਼ਟਰੀ ਹੀਰੋ ਬਣਾ ਦਿੱਤਾ। ਉਨ੍ਹਾਂ ਨੇ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੀ ਹਮਾਇਤ ਕੀਤੀ ਅਤੇ ਗੁਜਰਾਤ ਕਾਂਗਰਸ ਦੇ ਪ੍ਰੈਜ਼ੀਡੈਂਟ ਵਜੋਂ ਅਹਿਮਦਾਬਾਦ ਵਿਚ ਬਰਤਾਨਵੀ ਮਾਲ ਨੂੰ ਅੱਗ ਲਾਉਣ ਦੇ ਉੱਦਮਾਂ ਨੂੰ ਸੰਸਕ੍ਰਿਤ ਕੀਤਾ। ਉਨ੍ਹਾਂ ਨੇ ਆਪਣੇ ਅੰਗ੍ਰੇਜ਼ੀ ਪਹਿਨਾਵੇ ਨੂੰ ਤਿਆਗ ਦਿਤਾ ਅਤੇ ਖਾਦੀ ਪਾਉਣ ਲਗ ਪਏ। ਸਰਦਾਰ ਵਲਭ-ਭਾਈ ਪਟੇਲ 1917, 1924 ਅਤੇ 1927 ਵਿਚ ਅਹਿਮਦਾਬਾਦ ਦੇ ਮਿਉਂਸਪਲ ਪ੍ਰਧਾਨ ਚੁਣੇ ਗਏ। ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਬਿਜਲੀ ਸਪਲਾਈ ਅਤੇ ਸਿੱਖਿਆ ਸੁਧਾਰ ਦੇ ਕਾਰਜਾਂ ਵਿਚ ਤੇਜੀ ਆਈ।

  1928 ਵਿਚ ਗੁਜਰਾਤ ਵਿਚ ਬਰਦੋਲੀ ਤਾਮੁਲਕਾ ਵਿਚ ਹੜ੍ਹਾਂ ਅਤੇ ਕਾਲ ਦੀ ਸਥਿਤੀ ਪੈਦਾ ਹੋਈ। ਇਸ ਮਾੜੀ ਸਥਿਤੀ ਵਿਚ ਬਰਤਾਨਵੀ ਸਰਦਾਰ ਨੇ ਮਾਲੀਆਂ ਟੈਕਸ ਵਧਾ ਕੇ ਤੀਹ ਪ੍ਰਤੀਸ਼ਤ ਕਰ ਦਿਤਾ। ਸਰਦਾਰ ਪਟੇਲ ਨੇ ਕਿਸਾਨਾਂ ਵਲੋਂ ਗਵਰਨਰ ਨੂੰ ਟੈਕਸ ਘਟਾਉਣ ਦੀ ਅਪੀਲ ਕੀਤੀ। ਗਵਰਨਰ ਨੇ ਇਨਕਾਰ ਕਰ ਦਿਤਾ ਅਤੇ ਸਗੋਂ ਸਰਕਾਰ ਨੇ ਟੈਕਸਾ ਦੀ ਉਗਰਾਹੀ ਦੀ ਮਿਤੀ ਨਿਸਚਿਤ ਕਰ ਦਿਤੀ। ਸਰਦਾਰ ਪਟੇਲ ਨੇ ਕਿਸਾਨਾਂ ਨੂੰ ਸਮਜਾਉਣਾ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਹ ਇਕ ਪਾਈ ਬੀ ਟੈਕਸ ਦੀ ਅਦਾਇਗੀ ਨਾ ਭਰਨ। ਸਰਦਾਰ ਨੇ ਬਗਾਵਤ ਨੂੰ ਦਬਾਉਣ ਦਾ ਜਤਨ ਕੀਤਾ ਪਰੰਤੂ ਅੰਤ ਨੂੰ ਉਸਨੂੰ ਵਲਭ-ਭਾਈ ਪਟੇਲ ਅੱਗੇ ਝੁਕਣਾ ਪਿਆ। ਇਸ ਸੰਘਰਸ਼ ਦੇ ਦੌਰਾਨ ਅਤੇ ਬਰਟੋਲੀ ਦੀ ਜਿੱਤ ਤੋਂ ਬਾਅਦ ਹੀ ਉਸ ਦੇ ਸਾਥੀ ਉਨ੍ਹਾਂ ਨੂੰ ਸਰਦਾਰ ਆਖਣ ਲਗ ਪਏ।

      1930 ਦੀ ਨਾ-ਫੁਰਮਾਨੀ ਦੀ ਲਹਿਰ ਵਿਚ ਪਟੇਲ ਗ੍ਰਿਫਤਾਰ ਹੋਏ ਅਤੇ 1931 ਵਿਚ ਗਾਂਧੀ-ਇਰਵਿਨ ਪੈਕਟ ਤੋਂ ਬਾਅਦ ਉਹ ਰਿਹਾ ਹੋਏ ਅਤੇ 1931 ਸੈਵਨ ਲਹੀ ਕਰਾਚੀ ਵਿਚ ਕਾਂਗਰਸ ਪ੍ਰੈਜ਼ੀਡੈਂਟ ਚੁਣੇ ਗਏ। ਲੰਦਨ ਵਿਚ ਗੋਲਮੋਜ ਕਾਨਫ਼ਰੰਸ ਦੀ ਅਸਫਲਤਾ ਤੋਂ ਬਾਅਦ ਗਾਂਧੀ ਜੀ ਅਤੇ ਸਰਦਾਰ ਪਟੇਲ ਨੂੰ ਜਨਵਰੀ 1932 ਵਿਚ ਗ੍ਰਿਫ਼ਤਾਰ ਕਰ ਲਿਆ ਅਤੇ ਯਰਵਣਾ ਸੈਂਟਰਲ ਜੇਲ ਵਿਚ ਰੱਖਿਆ ਗਿਆ। ਇਸ ਕੈਦ ਦੇ ਸਮੇਂ ਦੇ ਦੌਰਾਨ ਗਾਂਧੀ ਜੀ ਅਤੇ ਸਰਦਾਰ ਪਟੇਲ ਇਕ ਦੂਜੇ ਦੇ ਬਹੁਤ ਨੇੜ੍ਹੇ ਹੋ ਗਏ। ਸਰਦਾਰ ਪਟੇਲ ਨੂੰ ਜੁਲਾਈ, 1934 ਵਿਚ ਰਿਹਾ ਕਰ ਦਿੱਤਾ ਗਿਆ।

      ਅਗਸਤ, 1942 ਵਿਚ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਸੁ਼ਰੂ ਕੀਤਾ। ਸਰਕਾਰ ਨੇ ਸਰਦਾਰ ਪਟੇਲ ਸਹਿਤ ਬਾਰੇ ਮਹਤੱਵਪੂਰਣ ਕਾਂਗਰਸੀ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ। ਸਾਰੇ ਲੀਡਰਾਂ ਨੂੰ ਤਿੰਨ ਸਾਲ ਬਾਅਦ ਰਿਹਾ ਕੀਤਾ ਗਿਆ। 15 ਅਗਸਤ, 194 ਨੂੰ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਸਰਦਾਰ ਪਟੇਲ ਡਿਪਟੀ ਪ੍ਰਧਾਨ ਮੰਤਰੀ ਬਣ। ਇਨ੍ਹਾਂ ਨੂੰ ਘਰੇਲੂ ਮਾਮਲਿਆਂ ਦਾ ਇੰਚਾਰਜ, ਸੂਚਨਾ ਅਤੇ ਪ੍ਰਸਾਰਣ ਅਤੇ ਰਾਜ ਮੰਤਰਾਲੇ ਦਾ ਇੰਚਾਰਜ ਬਣਾਇਆ ਗਿਆ।

      ਉਸ ਸਮੇਂ ਭਾਰਤ ਵਿਚ 565 ਰਿਆਸਤਾਂ ਸਨ। ਇਨ੍ਹਾਂ ਤੇ ਸ਼ਾਸਨ ਕਰਨ ਵਾਲੇ ਕੁਝ ਮਹਾਰਾਜੇ ਅਤੇ ਨਵਾਬ ਸੂਝਵਾਨ ਅਤੇ ਦੇਸ਼ ਭਗਤ ਸਨ। ਪਰੰਤੂ ਬਹੁਤੇ ਸਨ ਅਤੇ ਦੌਲਤ ਦੇ ਨਸ਼ੇ ਦੇ ਸਰੂਰ ਵਿਚ ਸਨ। ਉਹ ਬਰਤਾਨੀਆ ਦੇ ਭਾਰਤ ਛੱਡਣ ਤੋਂ ਆਜ਼ਾਦ ਸ਼ਾਸਕ ਬਣਨ ਦਾ ਸੁਪਨਾ ਲੈ ਰਹੇ ਸਨ। ਉਹ ਆਖਦੇ ਸਨ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਆਪਣੇ ਬਰਾਬਰ ਸਮਝੇ। ਕਈਆਂ ਨੇ ਯੂ.ਐਨ.ਓ ਵਿਚ ਆਪਣੇ ਪ੍ਰਤਿਨਿਧੀ ਭੇਜਣ ਦੀ ਵੀ ਯੋਜਨਾਬੰਦੀ ਕੀਤੀ। ਪਟੇਲ ਨੇ ਭਾਰਤੀ ਹਾਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਆਪਣੇ ਰਾਸ਼ਟਰ ਦੀ ਆਜ਼ਾਦੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਅਤੇ ਕਿਹਾ ਕਿ ਉਹ ਜ਼ਿੰਮੇਵਾਰ ਸ਼ਾਸਕ ਬਣਨ ਅਤੇ ਆਪਣੇ ਲੋਕਾਂ ਦੇ ਭਵਿੱਖ ਬਾਰੇ ਸੋਚਣ। ਬੜੀ ਸਿਆਣਪ ਅਤੇ ਰਾਜਨੀਤਿਕ ਸੂਝ ਨਾਲ ਉਸਨੇ ਛੋਟੀਆਂ ਰਿਆਸਤਾਂ ਨੂੰ ਇਕੱਠਾ ਕੀਤਾ। ਜਨਤਾ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਨਿਜ਼ਾਮ ਹੈਦਰਾਬਾਦ ਅਤੇ ਜੂਨਾਗੜ੍ਹ ਦੇ ਨਵਾਬ ਨੁੰ ਵੀ ਭਾਰਤ ਵਿਚ ਸ਼ਾਮਲ ਕਰਨ ਲਈ ਤਿਆਰ ਕੀਤਾ ਜਦੋਂ ਕਿ ਉਹ ਪਹਿਲਾਂ ਇਨਕਾਰ ਕਰ ਰਹੇ ਸਨ। ਸਰਦਾਰ ਪਟੇਲ ਨੇ ਦੇਸ਼ ਦੀ ਏਕਤਾ ਪ੍ਰਤੀ ਯਤਨ ਸਫ਼ਲ ਹੋਏ। ਉਸਨੇ ਖਿੰਡੀ ਪੁੰਡੀ ਕੌਮ ਨੂੰ ਬਿਨਾਂ ਕਿਸੇ ਖੂਨ ਖ਼ਰਾਬੇ ਦੇ ਇਕੱਠਾ ਕੀਤਾ। ਇਸ ਭਾਰੀ ਅਤੇ ਮੁਸ਼ਕਿਲ ਕੰਮ ਵਿਚ ਸਫ਼ਲਤਾ ਪ੍ਰਾਪਤ ਕਰਨ ਕਰਕੇ ਉਨ੍ਹਾਂ ਨੂੰ ਲੋਹ ਪੁਰਸ਼ ਕਿਹਾ ਗਿਆ। ਰਾਸ਼ਟਰ ਪ੍ਰਤੀ ਸੇਵਾਵਾਂ ਦੇ ਇਵਜ਼ ਵਿਚ 1991 ਵਿਚ ਉਨ੍ਹਾਂ ਨੂੰ ਭਾਰਤ ਰਤਨ ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.